Sunday, August 03, 2025
 

ਪੰਜਾਬ

ਵਿਜੀਲੈਂਸ ਬਿਉਰੋ ਵੱਲੋਂ ਜੀ.ਐਸ.ਟੀ. ਘੁਟਾਲੇ ਦੇ 6 ਦੋਸ਼ੀ ਏਜੰਟ ਗ੍ਰਿਫ਼ਤਾਰ 

September 13, 2022 08:42 PM
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਜੀ.ਐਸ.ਟੀ. ਘੁਟਾਲੇ ਸਬੰਧੀ ਕਰ ਨਾਕਿਆਂ ਤੋਂ ਚੋਰੀ ਗੱਡੀਆਂ ਲੰਘਾਉਣ ਤੇ ਟੈਕਸ ਚੋਰੀ ਕਰਾਉਣ ਵਾਲੇ 6 ਦੋਸ਼ੀ ਏਜੰਟਾਂ/ਵਿਚੋਲੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਸੂਬੇ ਦੇ ਕਰ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ  ਬਦਲੇ ਵਿੱਚ ਉਨ੍ਹਾਂ ਨੂੰ ਟੈਕਸ ਤੋਂ ਬਚਣ ਲਈ ਰਸਤਾ ਪ੍ਰਦਾਨ ਕਰ ਰਹੇ ਸਨ ਅਤੇ ਘੱਟ ਜੁਰਮਾਨਾ ਲਗਾ ਕੇ ਕੱਚਾ ਮਾਲ (ਲੋਹੇ ਦਾ ਸਕਰੈਪ) ਅਤੇ ਤਿਆਰ ਸਮਾਨ ਲੈ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਦੌਰਾਨ ਜੀਐਸਟੀ ਨੂੰ ਖੋਰਾ ਲਾ ਰਹੇ ਸਨ।
 
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਜੀ.ਐਸ.ਟੀ./ਆਬਕਾਰੀ ਅਤੇ ਕਰ ਅਧਿਕਾਰੀਆਂ ਤੋਂ ਇਲਾਵਾ ਏਜੰਟ/ਵਿਚੋਲੀਏ ਇੱਕ ਦੂਜੇ ਨਾਲ ਮਿਲੀਭੁਗਤ ਕਰਕੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਸਨ, ਜਿੰਨਾਂ ਵਿਰੁੱਧ ਆਈ.ਪੀ.ਸੀ. ਦੀ ਧਾਰਾ 420, 465, 467, 468, 471, 120-ਬੀ, 201 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ 7, 7(ਏ) ਤੇ 8 ਤਹਿਤ ਥਾਣਾ ਵਿਜੀਲੈਂਸ ਬਿਊਰੋ, ਫਲਾਇੰਗ ਸਕੁਐਡ-1 ਪੰਜਾਬ ਮੁਹਾਲੀ ਵਿਖੇ ਐਫ.ਆਈ.ਆਰ ਨੰਬਰ 8 ਮਿਤੀ 21/08/2020 ਦਰਜ ਕੀਤੀ ਗਈ ਹੈ।
 
ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਵਿਜੀਲੈਂਸ ਬਿਊਰੋ ਪੰਜਾਬ ਦੀ ਆਰਥਿਕ ਅਪਰਾਧ ਸ਼ਾਖਾ ਨੇ ਅੱਜ ਬਲਵਿੰਦਰ ਸਿੰਘ ਉਰਫ ਬਾਬੂ ਰਾਮ, ਸਚਿਨ ਕੁਮਾਰ ਲੁਥਰਾ, ਪਵਨ ਕੁਮਾਰ ਉਰਫ ਕਾਲਾ, ਅਜੈ ਕੁਮਾਰ, ਰਣਧੀਰ ਸਿੰਘ ਅਤੇ ਅਵਤਾਰ ਸਿੰਘ ਨਾਮਕ 6 ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਕਰ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਏਜੰਟਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
 
ਉਹਨਾਂ ਦੱਸਿਆ ਕਿ ਇਹ ਦੋਸ਼ੀ ਕਰ ਵਿਭਾਗ ਦੇ ਜੀ.ਐਸ.ਟੀ. ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੀ.ਐਸ.ਟੀ. ਦੀ ਲੋੜੀਂਦੀ ਰਕਮ ਦਾ ਭੁਗਤਾਨ ਕੀਤੇ ਬਿਨਾਂ ਲੋਹੇ ਦੇ ਸਕਰੈਪ/ਤਿਆਰ ਸਮਾਨ ਲੈ ਜਾਣ ਵਾਲੇ ਵੱਖ-ਵੱਖ ਰਾਜਾਂ ਨਾਲ ਸਬੰਧਤ ਵਾਹਨਾਂ ਨੂੰ ਲੰਘਾਉਣ ਵਾਲੇ ਇਸ ਗਠਜੋੜ ਵਿੱਚ ਸਰਗਰਮੀ ਨਾਲ ਸ਼ਾਮਲ ਸਨ।
 
ਇਸ ਘੁਟਾਲੇ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੂਬੇ ਦੇ ਟੈਕਸ ਅਧਿਕਾਰੀਆਂ ਦੀ ਮੱਦਦ ਦੇ ਬਦਲੇ ਇਹ ਏਜੰਟ ਉਹਨਾਂ ਨੂੰ ਭਾਰੀ ਰਿਸ਼ਵਤ ਦੇ ਰਹੇ ਸਨ।
 
ਬੁਲਾਰੇ ਨੇ ਅੱਗੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਏਜੰਟਾਂ ਦੇ ਹੋਰ ਗਰੁੱਪ ਅਤੇ ਸਬੰਧਤ ਜੀਐਸਟੀ ਅਧਿਕਾਰੀਆਂ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਇਨ੍ਹਾਂ ਸਾਰੇ ਗ੍ਰਿਫ਼ਤਾਰ ਏਜੰਟਾਂ ਦਾ ਅਦਾਲਤ ਤੋਂ ਰਿਮਾਂਡ ਲੈ ਕੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾਵੇਗੀ।     
 

Have something to say? Post your comment

 
 
 
 
 
Subscribe